ਪੰਜਾਬ ਸਰਕਾਰ ਵਲੋਂ ਸਥਾਪਤ ਕੀਤੇ ਗਏ ਵਰਲਡ ਪੰਜਾਬੀ ਸੈਂਟਰ ਦਾ ਮੁੱਖ ਮਕਸਦ ਸਮੁੱਚੇ ਵਿਸ਼ਵ ਵਿਚ ਵਸਦੇ ਪੰਜਾਬੀ ਭਾਈਚਾਰੇ ਲਈ ਇੱਕ ਸਾਂਝੇ ਅਤੇ ਅੰਤਰਰਾਸ਼ਟਰੀ ਮੰਚ ਦੀ ਸਥਾਪਨਾ ਕਰਨਾ ਹੈ ਜਿੱਥੇ ਸਮੁੱਚੇ ਵਿਸ਼ਵ ਦਾ ਪੰਜਾਬੀ ਭਾਈਚਾਰਾ ਆਪਸ ਵਿਚ ਵਿਚਾਰਾਂ ਦਾ ਆਦਾਨ ਪ੍ਰਦਾਨ ਕਰ ਸਕੇ ਅਤੇ ਇਹ ਵਿਚਾਰਕ ਅਦਾਨ ਪ੍ਰਦਾਨ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰ ਸਕੇ। ਇਸ ਮੰਚ ਦੀ ਸੰਬੰਧਤਾ ਸਿਰਫ ਭਾਸ਼ਾ, ਸਭਿਆਚਾਰ ਅਤੇ ਸਾਹਿਤ ਨਾਲ ਨਹੀਂ ਹੈ ਬਲਕਿ ਸੰਗੀਤ, ਨ੍ਰਿਤ, ਵਪਾਰ, ਆਰਥਿਕਤਾ, ਸਮਾਜਿਕਤਾ ਆਦਿ ਸਭ ਮੁੱਦਿਆਂ ਦੇ ਪਾਸਾਰ ਨਾਲ ਹੈ। ਇਸ ਤੋਂ ਇਲਾਵਾ ਇਸ ਮੰਚ ਦਾ ਕਾਰਜ ਭਾਰਤ ਅਤੇ ਪਾਕਿਸਤਾਨ ਦੇ ਦੋਹੀਂ ਪਾਸੀਂ ਵਸਦੇ ਪੰਜਾਬੀਆਂ ਦੇ ਸਿੱਧੇ ਰਾਬਤੇ ਵਿਚ ਇਕ ਪੁਲ ਦਾ ਕੰਮ ਹੈ। ਭਾਵ ਦੋਹੀਂ ਪਾਸੀਂ ਰਾਜਨੀਤਕ ਸੰਬੰਧ ਭਾਵੇਂ ਅਸਥਿਰਤਾ ਦਾ ਹੀ ਸ਼ਿਕਾਰ ਬਣੇ ਰਹਿੰਦੇ ਹਨ ਪਰ ਇਸ ਮੰਚ ਦਾ ਕਾਰਜ ਹੈ ਕਿ ਹਰ ਤਰ੍ਹਾਂ ਦੇ ਸੁਖਾਵੇਂ ਜਾਂ ਅਸੁਖਾਵੇਂ ਸੰਬੰਧਾਂ ਵਿਚ ਪੰਜਾਬੀ ਭਾਸ਼ਾਈ ਭਾਈਚਾਰੇ ਦਾ ਲਗਾਤਾਰ ਸੰਪਰਕ ਬਣਿਆ ਰਹੇ ਅਤੇ ਪੰਜਾਬੀ ਦੀ ਬਿਹਤਰੀ ਲਈ ਕੋਸ਼ਿਸ਼ਾਂ ਜਾਰੀ ਰਹਿਣ। ਇਸ ਦਿਸ਼ਾ ਵਿਚ ਕੰਮ ਕਰ ਰਹੀਆਂ ਹੋਰ ਘਰੇਲੂ ਅਤੇ ਕੌਮਾਂਤਰੀ ਸੰਗਠਨਾਂ ਨਾਲ ਸਹਿਯੋਗ ਕਰ ਸਕੇ।